ਯੂਨਾਈਟਿਡ ਸਿੱਖਸ ਵਰਗੀ ਸੰਸਥਾ ਤੇ ਸਾਨੂੰ ਮਾਣ ਹੈ- ਗੁਰਪ੍ਰੀਤ ਘੁੱਗੀ
ਅੱਜ ਇੱਥੇ ਮਿਤੀ 2 ਮਾਰਚ ਨੂੰ ਫਿਲਮ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਦਿੱਲੀ ਵਿਚ ਹੋ ਰਹੀ ਹਿੰਸਾ ਪ੍ਰਤੀ ਰੋਸ ਜਾਹਿਰ ਕੀਤਾ ਅਤੇ ਨਾਲ ਹੀ ਇਸ ਨੂੰ ਇੱਕ ਇਨਸਾਨੀਅਤ ਦਾ ਘਾਣ ਕਰਨ ਵਾਲੀ ਸਾਜਿਸ਼ ਦੱਸਿਆ ਹੈ। ਗੁਰਪ੍ਰੀਤ ਘੁੱਗੀ ਨੇ ਅੱਜ ਦਿੱਲੀ ਵਿਚ ਹੋ ਰਹੀ ਹਿੰਸਾ ਦੇ ਖਿਲਾਫ ਜਿੱਥੇ ਅਵਾਜ਼ ਉਠਾਈ ਹੈ ਉਥੇ ਹੀ ਯੂਨਾਈਟਿਡ ਸਿੱਖਸ ਵਰਗੀਆਂ ਸੰਸਥਾਵਾਂ ਨੂੰ ਸਲਾਹਿਆ ਹੈ। ਦਿੱਲੀ ਵਿੱਚ ਹੋ ਰਹੀ ਹਿੰਸਾ ਨੂੰ ਦੇਖਦੇ ਹੋਏ ਗੁਰਪ੍ਰੀਤ ਘੁੱਗੀ ਨੂੰ 1984 ਦਾ ਉਹ ਦੌਰ ਵੀ ਯਾਦ ਆਇਆ ਜਦੋਂ ਸਿੱਖਾਂ ਦੀ ਨਸਲਖੁਸ਼ੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਦੰਗਿਆਂ ਵਿੱਚ ਹਿੰਦੂ, ਮੁਸਲਮਾਨ, ਸਿੱਖ, ਇਸਾਈ ਤਾਂ ਬਾਅਦ ਚੋਂ ਮਰਦੇ ਹਨ ਪਹਿਲੇ ਇਨਸਾਨੀਅਤ ਮਰਦੀ ਹੈ। ਦਿੱਲੀ ਵਿੱਚ ਕਈ ਘਰ ਉਜੜ ਗਏ ਅਤੇ ਕਈ ਬੱਚੇ ਅਨਾਥ ਹੋ ਗਏ ਹਨ ਅਤੇ ਜਿਥੇ ਜਾਲਮ ਆਪਣੀ ਜੁਲਮ ਦੀ ਹੱਦ ਕਰ ਰਿਹਾ ਹੈ ਉੱਥੇ ਹੀ ਗੁਰਪ੍ਰੀਤ ਘੁੱਗੀ ਨੂੰ ਯੂਨਾਈਟਿਡ ਸਿੱਖਸ ਵਰਗੀ ਸੰਸਥਾ ਤੇ ਮਾਣ ਮਹਿਸੂਸ ਹੋ ਰਿਹਾ ਹੈ। ਗੁਰਪ੍ਰੀਤ ਘੁੱਗੀ ਛੇ ਮਹੀਨੇ ਪਹਿਲੇ ਆਏ ਪੰਜਾਬ ਦੇ ਹੜ੍ਹਾਂ ਵਿੱਚ ਯੂਨਾਈਟਿਡ ਸਿੱਖਸ ਦੀ ਟੀਮ ਨਾਲ ਮੋਢੇ ਨਾਲ ਮੋਢਾ ਜੋੜਕੇ ਖੜੇ ਸਨ ਅਤੇ ਉਹ ਹੁਣ ਵੀ ਦਿੱਲੀ ਦੇ ਬਚਾਵ ਕਾਰਜ ਵਿੱਚ ਯੂਨਾਈਟਿਡ ਸਿੱਖਸ ਦੇ ਨਾਲ ਹਨ। ਯੂਨਾਈਟਿਡ ਸਿੱਖਸ ਦੀ ਟੀਮ ਗਲੀ ਮੁਹੱਲਿਆਂ ਅਤੇ ਹਸਪਤਾਲਾਂ ਵਿੱਚ ਜਾ ਕੇ ਲੋੜਵੰਦਾਂ ਦੀ ਮਦਦ ਕਰ ਰਹੀ ਹੈ ਜਿਸ ਦਾ ਗੁਰਪ੍ਰੀਤ ਘੁੱਗੀ ਨੂੰ ਬਹੁਤ ਮਾਣ ਹੈ ਅਤੇ ਉਨ੍ਹਾਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਯੂਨਾਈਟਿਡ ਸਿੱਖਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਕਾਰਜ ਵਿੱਚ ਖੜ੍ਹੇ ਹੋ ਜਾਣ।